ਸਮਾਰਟਫੋਨ ‘ਤੇ ਘੰਟਿਆਂ ਬੱਧੀ ਗੇਮ ਖੇਡਣ ਵਾਲੇ ਲੋਕ ਸਾਵਧਾਨ ਹੋ ਜਾਣ। ਇਹ ਆਦਤ ਤੁਹਾਡੀਆਂ ਅੱਖਾਂ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਸੇ ਲਤ ‘ਚ ਚੀਨ ਦੀ 21 ਸਾਲਾ ਇਕ ਮੁਟਿਆਰ ਨੇ ਆਪਣੀ ਸੱਜੀ ਅੱਖ ਦੀ ਰੋਸ਼ਨੀ ਗਵਾ ਦਿੱਤੀ. ਇਕ ਦਿਨ ਉਹ ਲਗਾਤਾਰ 24 ਘੰਟੇ ਤਕ ਆਪਣੇ ਮੋਬਾਈਲ ‘ਤੇ ਗੇਮ ਖੇਡਦੀ ਰਹੀ ਤੇ ਅਚਾਨਕ ਉਸ ਦੀ ਸੱਜੀ ਅੱਖ ਸਾਹਮਣੇ ਹਨੇਰਾ ਛਾ ਗਿਆ।
ਸਾਊਥ ਚਾਈਨਾ ਮਾਰਨਿੰਗ ਪੋਸਟ ਅਖ਼ਬਾਰ ਮੁਤਾਬਿਕ, ਮੁਟਿਆਰ ਚੀਨ ਦੇ ਪੱਛਮੀ ਉੱਤਰ ਸੂਬੇ ਸ਼ਾਂਕਸੀ ਦੀ ਰਹਿਣ ਵਾਲੀ ਹੈ। ਉਸ ਦਾ ਨਾਂ ਜਾਹਿਰ ਨਹੀਂ ਕੀਤਾ ਗਿਆ ਹੈ। ਉਹ ਜਦੋਂ ਆਨਲਾਈਨ ਗੇਮ ‘ਆਨਰ ਆਫ਼ ਕਿੰਗਸ’ ਖੇਡ ਰਹੀ ਸੀ ਉਦੋਂ ਹੀ ਉਸ ਦੀ ਸੱਜੀ ਅੱਖ ਤੋਂ ਨਜ਼ਰ ਆਉਣਾ ਬੰਦ ਹੋ ਗਿਆ।
ਉਸ ਦੇ ਮਾਤਾ ਪਿਤਾ ਉਸ ਨੂੰ ਕਈ ਹਸਪਤਾਲਾਂ ‘ਚ ਲੈ ਕੇ ਗਏ ਪਰ ਕੋਈ ਵੀ ਅੱਗ ਦੀ ਰੋਸ਼ਨੀ ਜਾਣ ਦੀ ਵਜ੍ਹਾ ਨਹੀਂ ਦੱਸ ਸਕਿਆ। ਇਸ ਤੋਂ ਬਾਅਦ ਉਸ ਨੂੰ ਨੈਨਚਾਂਗ ਜ਼ਿਲ੍ਹੇ ਦੇ ਇਕ ਹਸਪਤਾਲ ‘ਚ ਲਿਜਾਇਆ ਗਿਆ ਜਿੱਥੇ ਪਤਾ ਲੱਗਾ ਕਿ ਉਸ ਦੀ ਅੱਖ ‘ਚ ਰੈਟੀਨਲ ਆਰਟਰੀ ਓਕਲੂਸ਼ਨ (ਆਰਏਓ) ਹੋ ਗਿਆ ਹੈ।
ਇਸ ‘ਚ ਖ਼ੂਨ ਦਾ ਦੌਰਾ ਬੰਦ ਹੋ ਜਾਂਦਾ ਹੈ। ਇਹ ਸਮੱਸਿਆ ਆਮ ਤੌਰ ‘ਤੇ ਬਜ਼ੁਰਗਾਂ ‘ਚ ਵੇਖੀ ਜਾਂਦੀ ਹੈ। ਨੌਜਵਾਨਾਂ ‘ਚ ਇਸ ਤਰ੍ਹਾਂ ਦਾ ਇਹ ਦੁਰਲੱਭ ਮਾਮਲਾ ਹੈ। ਇਕ ਡਾਕਟਰ ਨੇ ਦੱਸਿਆ ਕਿ ਮੁਟਿਆਰ ਦੀ ਅੱਖ ਦੀ ਰੋਸ਼ਨੀ ਜਾਣ ਦੀ ਮੁੱਖ ਵਜ੍ਹਾ ਅੱਖ ‘ਚ ਗੰਭੀਰ ਖਿਚਾਅ ਹੋ ਸਕਦਾ ਹੈ।
ਉਹ ਹਾਲੇ ਵੀ ਹਸਪਤਾਲ ‘ਚ ਹੈ। ਡਾਕਟਰ ਉਸ ਦੀ ਅੱਖ ਦੀ ਰੋਸ਼ਨੀ ਬਚਾਉਣ ਦਾ ਯਤਨ ਕਰ ਰਹੇ ਹਨ। ਮੁਟਿਆਰ ਇਕ ਕੰਪਨੀ ‘ਚ ਵਿੱਤੀ ਮੁਲਾਜ਼ਮ ਹੈ। ਉਸ ਨੇ ਦੱਸਿਆ ਕਿ ਉਸ ਨੂੰ ਇਹ ਗੇਮ ਖੇਡਣ ਦਾ ਅਜਿਹਾ ਜਨੂੰਨ ਸੀ ਕਿ ਉਹ ਹਫ਼ਤੇ ਦੇ ਅਖ਼ੀਰ ‘ਚ ਪੂਰਾ ਦਿਨ ਗੇਮ ਖੇਡਦੀ ਰਹਿੰਦੀ ਸੀ।
ਜਿਸ ਦਿਨ ਉਸ ਨੂੰ ਛੁੱਟੀ ਹੁੰਦੀ ਸੀ, ਉਹ ਸਵੇਰੇ ਛੇ ਵਜੇ ਹੀ ਉੱਠ ਜਾਂਦੀ ਸੀ ਤੇ ਨਾਸ਼ਤਾ ਕਰਨ ਤੋਂ ਬਾਅਦ ਸ਼ਾਮ ਚਾਰ ਵਜੇ ਤਕ ਗੇਮ ਖੇਡਦੀ ਰਹਿੰਦੀ ਸੀ। ਕੁਝ ਖਾਣ ਤੋਂ ਬਾਅਦ ਦੁਬਾਰਾ ਗੇਮ ਖੇਡਣ ਲੱਗ ਜਾਂਦੀ ਸੀ ਤੇ ਇਹ ਦੌਰ ਰਾਤ ਇਕ ਵਜੇ ਤਕ ਚੱਲਦਾ ਰਹਿੰਦਾ ਸੀ।